ਵਿਸ਼ਵ ਦੇ ਮਹਾਂਦੀਪ

ਹੇਠਾਂ ਇੱਕ ਵੀਡੀਓ ਵਿੱਚ ਸੰਸਾਰ ਦੇ ਮਹਾਂਦੀਪਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ | ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵਿਸ਼ਵ ਦੇ ਖਾਲੀ ਨਕਸ਼ੇ ਵਿੱਚ ਮਹਾਂਦੀਪਾਂ ਦੇ ਨਾਮ ਲਿੱਖ ਕੇ ਪ੍ਰੈਕਟਿਸ ਕਰਨ ਅਤੇ ਦੁਬਾਰਾ ਵੀਡੀਓ ਦੇਖ ਕੇ ਗਲਤੀ ਬਾਰੇ ਪਤਾ ਕਰਨ | ਇਸ ਤਰਾਂ ਉਹਨਾਂ ਨੂੰ ਵਿਸ਼ਵ ਦੇ ਮਹਾਂਦੀਪਾਂ ਦੀ ਸਥਿੱਤੀ ਬਾਰੇ ਜਲਦੀ ਹੀ ਪੂਰੀ ਤਰਾਂ ਪਤਾ ਲੱਗ ਜਾਏਗਾ |


ਲੰਬਕਾਰ ਅਤੇ ਵਿੱਥਕਾਰ

ਹੇਠਾਂ ਇੱਕ ਵੀਡੀਓ ਦਿੱਤੀ ਗਈ ਹੈ ਜਿਸ ਵਿੱਚ ਲੰਬਕਾਰ ਅਤੇ ਵਿੱਥਕਾਰ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ | ਇਹ ਵਿਸ਼ਾ ਛੇਵੀਂ ਤੋਂ ਦੱਸਵੀਂ ਤੱਕ ਸਾਰੇ ਵਿਦਿਆਰਥੀਆਂ ਲਈ ਜਰੂਰੀ ਹੈ |






ਉਦਯੋਗਾਂ ਲਈ ਰੀੜ੍ਹ ਦੀ ਹੱਡੀ - ਖਣਿਜ ਪਦਾਰਥ

ਕਿਸੇ ਰਾਸ਼ਟਰ ਲਈ ਖਣਿਜ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦੇ ਹਨ | ਖਣਿਜ ਉਦਯੋਗ ਧੰਦਿਆਂ ਦਾ ਜੀਵਨ ਆਧਾਰ ਹਨ | ਖਣਿਜ ਹੀ ਸਾਡੇ ਉਦਯੋਗਾਂ ਲਈ ਰੀੜ੍ਹ ਦੀ ਹੱਡੀ ਹੁੰਦੇ ਹਨ | ਕਿਉਂਕਿ ਇਹਨਾਂ ਦਾ ਦੇਸ਼ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਹੁੰਦਾ ਹੈ |ਮੱਧ-ਪੁਰਬ ਦੇ ਵੀਰਾਨ ਮਾਰੂਥਲ ਦੇ ਦੇਸ਼ ਅੱਜ ਪੈਟਰੋਲੀਅਮ ਦੇ ਉਤਪਾਦਨ ਕਾਰਣ ਹੀ ਅਮੀਰ ਹਨ ਅਤੇ ਉਹਨਾਂ ਦੇਸ਼ਾਂ ਵਿੱਚ ਉਦਯੋਗਿਕ ਵਿਕਾਸ ਹੋ ਰਿਹਾ ਹੈ | ਦੇਸ਼ ਦੇ ਵਿਕਾਸ ਕਾਰਣ ਹੀ ਲੋਕਾਂ ਦਾ ਜੀਵਨ ਪੱਧਰ ਉੱਚਾ ਉਠਦਾ ਹੈ |
ਭਾਰਤ ਖਣਿਜ ਪਦਾਰਥਾਂ ਦੇ ਭੰਡਾਰ ਵਿੱਚ ਕਾਫੀ ਅਮੀਰ ਹੈ | ਪਰ ਇੱਥੇ ਇਹਨਾਂ ਦਾ ਉਚਿੱਤ ਉਪਯੋਗ ਜਾਂ ਦੋਹਨ ਹਾਲੇ ਤੱਕ ਨਹੀਂ ਹੋ ਸਕਿਆ ਹੈ | ਇਸ ਤੋਂ ਇਲਾਵਾ ਇੱਥੇ ਪਾਏ ਜਾਣ ਵਾਲੇ ਖਣਿਜਾਂ ਦਾ ਆਪਣਾ ਮਹੱਤਵ ਹੈ | ਕੁਝ ਖਣਿਜਾਂ ਵਿੱਚ  ਸਾਡਾ ਦੇਸ਼ ਕਾਫੀ ਅਮੀਰ ਹੈ ਜਦਕਿ ਦੂਜੇ ਖਣਿਜਾਂ ਵਿੱਚ ਇਹ ਕਾਫੀ ਪਿੱਛੜਿਆ ਹੋਇਆ ਹੈ | ਲੋਹਾ,ਅਬਰਕ, ਮੈਂਗਨੀਜ਼, ਬਾਕਸਾਇਟ ਅਤੇ ਜਿਪਸਮ ਅਤੇ ਕੋਲ੍ਹਾ ਇੱਥੇ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਜਦਕਿ ਚਾਂਦੀ, ਤਾਂਬਾ, ਟਿਨ, ਸੀਸਾ, ਪਾਰਾ ਅਤੇ ਨਿੱਕਲ ਆਦਿ ਵਰਗੇ ਖਣਿਜ ਬਹੁਤ ਘੱਟ ਮਾਤਰਾ ਵਿੱਚ ਮਿਲਦੇ ਹਨ | ਇਹ ਗੱਲ ਧਿਆਨ ਦੇਣ ਯੋਗ ਹੈ ਕਿ ਭਾਰਤ ਉਹਨਾਂ ਖਣਿਜਾਂ ਵਿੱਚ ਅਮੀਰ ਹੈ ਜੋ ਕਿਸੇ ਦੇਸ਼ ਦੇ ਉਦਯੋਗਿਕ ਵਿਕਾਸ ਦਾ ਆਧਾਰ ਹੁੰਦੇ ਹਨ | ਭਾਰਤ ਵਿੱਚ ਮਿਲਣ ਵਾਲ੍ਹੇ ਕੁਝ ਖਣਿਜ ਪਦਾਰਥਾਂ ਦਾ ਵਰਣਨ ਹੇਠ ਲਿਖਿਆ ਹੈ |

ਅਬਰਕ : ਸੰਸਾਰ ਦੇ ਲਗਭਗ ਸੱਠ ਪ੍ਰਤੀਸ਼ੱਤ ਅਬਰਕ ਦਾ ਉਤਪਾਦਨ ਭਾਰਤ ਵਿੱਚ ਹੀ ਹੁੰਦਾ ਹੈ | ਇਹ ਬਿਜਲੀ ਉਦਯੋਗਾਂ ਦਾ ਮੁੱਖ ਆਧਾਰ ਹੈ | ਅੰਤਰ-ਰਾਸ਼ਟਰੀ ਬਜਾਰ ਵਿੱਚ ਦੋ-ਤਿਹਾਈ ਅਬਰਕ ਭਾਰਤ ਦਾ ਹੀ ਹੁੰਦਾ ਹੈ | ਝਾਰਖੰਡ ਦੇ ਹਜਾਰੀਬਾਗ ਅਤੇ ਬਿਹਾਰ ਦੇ ਗਯਾ ਅਤੇ ਮੁੰਗੇਰ ਜਿਲ੍ਹਿਆਂ ਵਿੱਚ ਭਾਰਤ ਦੇ ਅੱਧੇ ਅਬਰਕ ਦਾ ਉਤਪਾਦਨ ਹੁੰਦਾ ਹੈ | ਅਬਰਕ ਦੇ ਬਾਕੀ ਭਾਗ ਦਾ ਅੱਧਾ ਉਤਪਾਦਨ ਆਂਧਰਾ ਪ੍ਰਦੇਸ਼ ਦੇ ਨੈਲੋਰ ਅਤੇ ਰਾਜਸਥਾਨ ਦੇ ਭੀਲਵਾੜਾ ਜਿਲ੍ਹਿਆਂ ਵਿੱਚ ਹੁੰਦਾ ਹੈ |

ਬਾਕ੍ਸਾਇਟ : ਬਾਕਸਾਇਟ ਦੀ ਕੱਚੀ ਧਾਤ ਤੋਂ ਐਲੁਮੀਨੀਅਮ ਧਾਤ ਪ੍ਰਾਪਤ ਕੀਤੀ ਜਾਂਦੀ ਹੈ | ਹਲਕੀ ਹੋਣ ਦੇ ਕਾਰਣ ਇਹ ਧਾਤ ਬਹੁਤ ਹੀ ਉਪਯੋਗੀ ਸਿੱਧ ਹੁੰਦੀ ਹੈ | ਹਵਾਈ ਜਹਾਜ ਉਦਯੋਗ ਲਈ ਇਸ ਧਾਤ ਦਾ ਬੜਾ ਮਹੱਤਵ ਹੈ | ਬਿਜਲੀ ਨਾਲ ਸਬੰਧਿਤ ਉਦਯੋਗਾਂ ਅਤੇ ਸਧਾਰਨ ਜੀਵਨ ਵਿੱਚ ਵੀ ਇਸਦਾ ਉਪਯੋਗ ਵੱਧਦਾ ਜਾ ਰਿਹਾ ਹੈ | ਝਾਰਖੰਡ , ਗੁਜਰਾਤ, ਅਤੇ ਮੱਧ ਪ੍ਰਦੇਸ਼ ਬਾਕ੍ਸਾਇਟ ਦੇ ਮੁੱਖ ਉਤਪਾਦਕ ਰਾਜ ਹਨ | ਬਾਕ੍ਸਾਇਟ ਮਹਾਰਾਸ਼ਟਰ ਦੇ ਕੋਲਹਾਪੁਰ ਜਿਲ੍ਹੇ ਵਿਚ ਵੀ ਪਾਇਆ ਜਾਂਦਾ ਹੈ | ਪਿਛਲੇ ਕੁਝ ਸਾਲਾਂ ਵਿਚ ਉੜੀਸਾ ਦੇ ਬਾਕ੍ਸਾਇਟ ਭੰਡਾਰਾਂ ਦਾ ਵਿਕਾਸ ਕੀਤਾ ਗਿਆ ਹੈ |

ਮੈਂਗਨੀਜ਼ : ਮੈਂਗਨੀਜ਼ ਦਾ ਉਪਯੋਗ ਮਿਸ਼ਰਤ ਧਾਤ ਬਨਾਉਣ ਲਈ ਕੀਤਾ ਜਾਂਦਾ ਹੈ | ਇਹੀ ਕਾਰਣ ਹੈ ਕਿ ਇਸਦਾ ਮਹੱਤਵ ਵੱਧਦਾ ਜਾ ਰਿਹਾ ਹੈ | ਉੜੀਸਾ ਵਿਚ ਮੈਂਗਨੀਜ਼ ਦੀਆਂ ਖਾਣਾਂ ਕਿਓਂਝਰ ਅਤੇ ਮਿਉਰਭੰਜ ਵਿਚ ਪਾਈਆਂ ਜਾਂਦੀਆਂ ਹਨ | ਕਰਨਾਟਕ ਵਿਚ ਇਸ ਦੀਆਂ ਖਾਣਾਂ ਚਿੱਤਰ-ਦੁਰਗ, ਸਿਮੋਗਾ, ਚਿਕਮੰਗਲੂਰ , ਬੇਲਗਾਮ , ਧਾਰਵਾੜ ਅਤੇ ਉੱਤਰ ਕੰਨੜ ਜਿਲ੍ਹਿਆਂ ਵਿਚ ਹਨ | ਝਾਰਖੰਡ ਦੇ ਸਿੰਘਭੂਮ ਅਤੇ ਆਂਧਰਾ ਪ੍ਰਦੇਸ਼ ਦੇ ਨਿਜਾਮਾਬਾਦ ਵਿਚ ਵੀ ਮੈਂਗਨੀਜ਼ ਮਿਲਦਾ ਹੈ |

ਤਾਂਬਾ : ਸਿੱਕੇ ਅਤੇ ਘਰੇਲੂ ਬਰਤਨ ਬਨਾਉਣ ਲਈ ਤਾਂਬੇ ਦਾ ਬਹੁਤ ਉਪਯੋਗ ਹੁੰਦਾ ਸੀ , ਪ੍ਰੰਤੂ ਅੱਜ-ਕੱਲ ਇਹ ਬਿਜਲੀ ਦੇ ਉਦਯੋਗਾਂ ਲਈ ਬਹੁਤ ਹੀ ਜਰੂਰੀ ਹੋ ਗਿਆ ਹੈ , ਕਿਉਂਕਿ ਇਹ ਬਿਜਲੀ ਦਾ ਉੱਤਮ ਸੁਚਾਲਕ ਹੈ | ਅੱਜ-ਕੱਲ ਦੇਸ਼ ਦਾ ਜ਼ਿਆਦਾਤਰ ਤਾਂਬਾ ਝਾਰਖੰਡ ਦੇ ਸਿੰਘਭੂਮ , ਮੱਧ ਪ੍ਰਦੇਸ਼ ਦੇ ਬਾਲਾਘਾਟ ਅਤੇ ਰਾਜਸਥਾਨ ਦੇ ਝੁੰਨਝੁੰਨੂੰ ਅਤੇ ਅਲਵਰ ਜਿਲ੍ਹਿਆਂ ਵਿੱਚ ਕੱਢਿਆ ਜਾਂਦਾ ਹੈ | ਆਂਧਰਾ ਪ੍ਰਦੇਸ਼ ਦੇ ਖਮਮ , ਕਰਨਾਟਕ ਦੇ ਚਿੱਤਰਦੁਰਗ ਅਤੇ ਹਸਨ ਜਿਲ੍ਹਿਆਂ ਅਤੇ ਸਿੱਕਿਮ ਵਿਚ ਵੀ ਥੋੜੇ ਬਹੁਤ ਤਾਂਬੇ ਦਾ ਉਤਪਾਦਨ ਹੁੰਦਾ ਹੈ |

    _____________________________